ਅੱਯੂਬ 7:1-21 IRVPun - Bible AI

1“ਕੀ ਮਨੁੱਖ ਨੂੰ ਧਰਤੀ ਉੱਤੇ ਸਖ਼ਤ ਮਿਹਨਤ ਨਹੀਂ ਕਰਨੀ ਪੈਂਦੀ? ਅਤੇ ਉਹ ਦੇ ਦਿਨ ਮਜ਼ਦੂਰ ਦੇ ਦਿਨਾਂ ਦੀ ਤਰ੍ਹਾਂ ਨਹੀਂ ਹੁੰਦੇ?

2ਜਿਵੇਂ ਕੋਈ ਦਾਸ ਛਾਂ ਨੂੰ ਲੋਚਦਾ ਹੈ, ਅਤੇ ਮਜ਼ਦੂਰ ਆਪਣੀ ਮਜ਼ਦੂਰੀ ਨੂੰ ਉਡੀਕਦਾ ਹੈ,

3ਤਿਵੇਂ ਮੈਂ ਅਨਰਥ ਦੇ ਮਹੀਨਿਆਂ ਦਾ ਮਾਲਕ ਬਣਾਇਆ ਗਿਆ ਹਾਂ, ਅਤੇ ਕਲੇਸ਼ ਦੀਆਂ ਰਾਤਾਂ ਮੇਰੇ ਲਈ ਠਹਿਰਾਈਆਂ ਗਈਆਂ ਹਨ।

4ਜਦ ਮੈਂ ਲੰਮਾ ਪੈਂਦਾ ਹਾਂ ਤਾਂ ਮੈਂ ਸੋਚਦਾ ਹਾਂ, ਮੈਂ ਕਦ ਉੱਠਾਂਗਾ? ਪਰ ਰਾਤ ਲੰਮੀ ਹੁੰਦੀ ਹੈ, ਅਤੇ ਮੈਂ ਸਵੇਰ ਤੱਕ ਪਾਸੇ ਲੈਂਦਾ-ਲੈਂਦਾ ਥੱਕ ਜਾਂਦਾ ਹਾਂ।

5ਮੇਰਾ ਸਰੀਰ ਕੀੜਿਆਂ ਅਤੇ ਮਿੱਟੀ ਦੇ ਢੇਲਿਆਂ ਨਾਲ ਢੱਕਿਆ ਹੋਇਆ ਹੈ, ਮੇਰੀ ਚਮੜੀ ਆਕੜ ਜਾਂਦੀ, ਫਿਰ ਪੀਕ ਵਗ ਪੈਂਦੀ ਹੈ।

6“ਮੇਰੇ ਦਿਨ ਜੁਲਾਹੇ ਦੀ ਨਾਲ ਤੋਂ ਵੀ ਕਾਹਲੇ ਹਨ, ਅਤੇ ਆਸ ਤੋਂ ਬਿਨ੍ਹਾਂ ਬੀਤਦੇ ਜਾਂਦੇ ਹਨ।

7ਯਾਦ ਰੱਖ ਕਿ ਮੇਰਾ ਜੀਵਨ ਸਾਹ ਹੀ ਹੈ, ਮੇਰੀ ਅੱਖ ਫੇਰ ਭਲਿਆਈ ਨਹੀਂ ਵੇਖੇਗੀ!

8ਜਿਹੜੀ ਅੱਖ ਮੈਨੂੰ ਹੁਣ ਵੇਖਦੀ ਹੈ, ਉਹ ਫੇਰ ਨਹੀਂ ਵੇਖੇਗੀ, ਤੇਰੀਆਂ ਅੱਖਾਂ ਮੇਰੇ ਉੱਤੇ ਹੋਣਗੀਆਂ ਪਰ ਮੈਂ ਨਾ ਹੋਵਾਂਗਾ।

9ਜਿਵੇਂ ਬੱਦਲ ਫੱਟ ਕੇ ਮੁੱਕ ਜਾਂਦਾ ਹੈ, ਤਿਵੇਂ ਉਹ ਜਿਹੜਾ ਪਤਾਲ ਵਿੱਚ ਉੱਤਰਦਾ ਹੈ, ਫਿਰ ਉੱਪਰ ਨਹੀਂ ਆਉਂਦਾ।

10ਉਹ ਆਪਣੇ ਘਰ ਨੂੰ ਫੇਰ ਨਹੀਂ ਮੁੜਦਾ, ਅਤੇ ਉਹ ਦਾ ਥਾਂ ਉਹ ਨੂੰ ਫੇਰ ਨਹੀਂ ਪਛਾਣੇਗਾ।

11“ਇਸ ਲਈ ਮੈਂ ਆਪਣਾ ਮੂੰਹ ਬੰਦ ਨਾ ਕਰਾਂਗਾ, ਮੈਂ ਆਪਣੇ ਆਤਮਿਕ ਦੁੱਖ ਵਿੱਚ ਬੋਲਦਾ ਜਾਂਵਾਂਗਾ, ਮੈਂ ਆਪਣੀ ਜਾਨ ਦੀ ਕੁੜੱਤਣ ਵਿੱਚ ਸ਼ਿਕਾਇਤ ਕਰਦਾ ਰਹਾਂਗਾ।

12ਕੀ ਮੈਂ ਸਮੁੰਦਰ ਹਾਂ, ਜਾਂ ਜਲ ਜੰਤੂ, ਜੋ ਤੂੰ ਮੇਰੇ ਉੱਤੇ ਪਹਿਰਾ ਬਿਠਾਉਂਦਾ ਹੈਂ?

13ਜਦ ਮੈਂ ਸੋਚਦਾ ਹਾਂ ਕਿ ਮੇਰੀ ਮੰਜੀ ਉੱਤੇ ਮੈਨੂੰ ਸ਼ਾਂਤੀ ਮਿਲੇਗੀ ਅਤੇ ਮੇਰੇ ਬਿਛੌਣੇ ਉੱਤੇ ਮੇਰਾ ਦੁੱਖ ਹਲਕਾ ਹੋਵੇਗਾ,

14ਤਦ ਤੂੰ ਮੈਨੂੰ ਸੁਫ਼ਨਿਆਂ ਨਾਲ ਘਬਰਾ ਦਿੰਦਾ ਹੈਂ, ਅਤੇ ਮੈਨੂੰ ਦਰਸ਼ਣਾਂ ਨਾਲ ਡਰਾ ਦਿੰਦਾ ਹੈਂ।

15ਇਸ ਲਈ ਮੇਰੀ ਜਾਨ ਫਾਂਸੀ ਨੂੰ ਅਤੇ ਮੇਰੀਆਂ ਹੱਡੀਆਂ ਮੌਤ ਨੂੰ ਜੀਵਨ ਤੋਂ ਵੱਧ ਚੁਣਦੀਆਂ ਹਨ!

16ਮੈਂ ਤੁੱਛ ਹਾਂ, ਮੈਂ ਸਦਾ ਤੱਕ ਜੀਉਂਦਾ ਨਾ ਰਹਾਂਗਾ, ਮੈਨੂੰ ਛੱਡ ਦੇ ਕਿਉਂ ਜੋ ਮੇਰੇ ਦਿਨ ਸਾਹ ਦੀ ਤਰ੍ਹਾਂ ਹੀ ਹਨ!

17“ਮਨੁੱਖ ਕੀ ਹੈ ਜੋ ਤੂੰ ਉਸ ਨੂੰ ਵਡਿਆਵੇਂ, ਅਤੇ ਆਪਣਾ ਦਿਲ ਉਸ ਉੱਤੇ ਲਾਵੇਂ?

18ਅਤੇ ਹਰ ਸਵੇਰ ਉਸ ਦੀ ਖ਼ਬਰ ਲਵੇਂ, ਅਤੇ ਪਲ-ਪਲ ਤੇ ਉਸ ਨੂੰ ਜਾਂਚੇਂ?

19ਤੂੰ ਕਦ ਤੱਕ ਮੇਰੀ ਵੱਲ ਵੇਖਣੋਂ ਨਾ ਹਟੇਂਗਾ ਅਤੇ ਮੈਨੂੰ ਨਾ ਛੱਡੇਂਗਾ ਜੋ ਮੈਂ ਆਪਣੀ ਥੁੱਕ ਨਿਗਲ ਲਵਾਂ?

20ਹੇ ਮਨੁੱਖਾਂ ਦੇ ਰਾਖੇ, ਜੇ ਮੈਂ ਪਾਪ ਕੀਤਾ ਤਾਂ ਮੈਂ ਤੇਰਾ ਕੀ ਵਿਗਾੜਿਆ ਹੈ? ਤੂੰ ਕਿਉਂ ਮੈਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਕਿ ਮੈਂ ਆਪਣੇ ਆਪ ਲਈ ਬੋਝ ਹੋ ਗਿਆ ਹਾਂ?

21ਅਤੇ ਤੂੰ ਮੇਰਾ ਅਪਰਾਧ ਕਿਉਂ ਮਾਫ਼ ਨਹੀਂ ਕਰਦਾ, ਅਤੇ ਮੇਰੀ ਬਦੀ ਦੂਰ ਨਹੀਂ ਕਰਦਾ? ਮੈਂ ਤਾਂ ਹੁਣ ਮਿੱਟੀ ਵਿੱਚ ਮਿਲ ਜਾਂਵਾਂਗਾ, ਤਦ ਤੂੰ ਮੈਨੂੰ ਢੂੰਡੇਂਗਾ, ਪਰ ਮੈਂ ਹੋਵਾਂਗਾ ਨਹੀਂ!”

>