ਕਹਾਉਤਾਂ 10:1-32 IRVPun - Bible AI

1ਸੁਲੇਮਾਨ ਦੀਆਂ ਕਹਾਉਤਾਂ, ਬੁੱਧਵਾਨ ਪੁੱਤਰ ਆਪਣੇ ਪਿਤਾ ਨੂੰ ਅਨੰਦ ਕਰਦਾ ਹੈ, ਪਰ ਮੂਰਖ ਪੁੱਤਰ ਮਾਂ ਦੇ ਲਈ ਦੁੱਖ ਦਾ ਕਾਰਨ ਹੈ।

2ਬਦੀ ਨਾਲ ਇਕੱਠੇ ਕੀਤੇ ਖ਼ਜ਼ਾਨਿਆਂ ਤੋਂ ਕੁਝ ਲਾਭ ਨਹੀਂ ਹੁੰਦਾ, ਪਰ ਨੇਕੀ ਦੇ ਕੰਮ ਮੌਤ ਤੋਂ ਬਚਾ ਲੈਂਦੇ ਹਨ।

3ਧਰਮੀ ਮਨੁੱਖ ਨੂੰ ਯਹੋਵਾਹ ਭੁੱਖਾ ਰਹਿਣ ਨਹੀਂ ਦਿੰਦਾ, ਪਰ ਦੁਸ਼ਟ ਦੀ ਲੋਚ ਉਹ ਪੂਰਾ ਹੋਣ ਨਹੀਂ ਦਿੰਦਾ।

4ਆਲਸੀ ਹੱਥ ਕੰਗਾਲ ਕਰਦਾ ਹੈ, ਪਰ ਉੱਦਮੀ ਦਾ ਹੱਥ ਧਨੀ ਬਣਾ ਦਿੰਦਾ ਹੈ।

5ਜਿਹੜਾ ਧੁੱਪ ਦੇ ਵੇਲੇ ਇਕੱਠਾ ਕਰਦਾ ਹੈ ਉਹ ਸਿਆਣਾ ਪੁੱਤਰ ਹੈ, ਪਰ ਜਿਹੜਾ ਵਾਢੀ ਦੇ ਵੇਲੇ ਸੁੱਤਾ ਰਹਿੰਦਾ ਹੈ, ਉਹ ਸ਼ਰਮਿੰਦਾ ਕਰਨ ਵਾਲਾ ਪੁੱਤਰ ਹੈ।

6ਧਰਮੀ ਦੇ ਸਿਰ ਉੱਤੇ ਬਹੁਤ ਅਸੀਸਾਂ ਹੁੰਦੀਆਂ ਹਨ, ਪਰ ਜ਼ੁਲਮ ਦੁਸ਼ਟਾਂ ਦੇ ਮੂੰਹ ਨੂੰ ਢੱਕ ਲੈਂਦਾ ਹੈ।

7ਧਰਮੀ ਦੀ ਯਾਦ ਮੁਬਾਰਕ ਹੈ, ਪਰ ਦੁਸ਼ਟਾਂ ਦਾ ਨਾਮ ਮਿਟ ਜਾਵੇਗਾ।

8ਮਨ ਦਾ ਬੁੱਧਵਾਨ ਹੁਕਮ ਨੂੰ ਮੰਨਦਾ ਹੈ, ਪਰ ਬਕਵਾਸੀ ਮੂਰਖ ਡਿੱਗ ਪੈਂਦਾ ਹੈ।

9ਸਿੱਧਾ ਤੁਰਨ ਵਾਲਾ ਬੇਫ਼ਿਕਰ ਤੁਰਦਾ ਹੈ, ਅਤੇ ਜਿਹੜਾ ਟੇਢੀ ਚਾਲ ਚਲਦਾ ਹੈ ਉਹ ਉਜਾਗਰ ਹੋ ਜਾਵੇਗਾ।

10ਜਿਹੜਾ ਅੱਖਾਂ ਮਟਕਾਉਂਦਾ ਹੈ ਉਹ ਦੂਸਰਿਆਂ ਨੂੰ ਦੁੱਖ ਪਹੁੰਚਾਉਂਦਾ ਹੈ, ਅਤੇ ਬਕਵਾਸੀ ਮੂਰਖ ਨਾਸ ਹੋ ਜਾਂਦਾ ਹੈ।

11ਧਰਮੀ ਦਾ ਮੂੰਹ ਜੀਵਨ ਦਾ ਚਸ਼ਮਾ ਹੈ, ਪਰ ਦੁਸ਼ਟਾਂ ਦੇ ਮੂੰਹ ਨੂੰ ਜ਼ੁਲਮ ਢੱਕ ਲੈਂਦਾ ਹੈ।

12ਵੈਰ ਝਗੜੇ ਛੇੜਦਾ ਹੈ, ਪਰੰਤੂ ਪ੍ਰੇਮ ਸਾਰਿਆਂ ਅਪਰਾਧਾਂ ਨੂੰ ਢੱਕ ਲੈਂਦਾ ਹੈ।

13ਸਮਝ ਵਾਲੇ ਦਿਆਂ ਬੁੱਲ੍ਹਾਂ ਉੱਤੇ ਬੁੱਧ ਲੱਭਦੀ ਹੈ, ਅਤੇ ਬੇਸਮਝ ਦੀ ਪਿੱਠ ਲਈ ਸੋਟੀ ਹੈ।

14ਬੁੱਧਵਾਨ ਗਿਆਨ ਨੂੰ ਰੱਖ ਛੱਡਦੇ ਹਨ, ਪਰੰਤੂ ਮੂਰਖ ਦਾ ਮੂੰਹ ਵਿਨਾਸ਼ ਲਿਆਉਂਦਾ ਹੈ।

15ਧਨੀ ਦਾ ਧਨ ਉਹ ਦਾ ਪੱਕਾ ਨਗਰ ਹੈ, ਪਰ ਕੰਗਾਲਾਂ ਦੀ ਕੰਗਾਲੀ ਉਹਨਾਂ ਦੇ ਵਿਨਾਸ਼ ਦਾ ਕਾਰਨ ਹੈ।

16ਧਰਮੀ ਦੀ ਮਿਹਨਤ ਜੀਵਨ ਲਈ ਹੁੰਦੀ ਹੈ, ਪਰ ਦੁਸ਼ਟਾਂ ਦਾ ਨਫ਼ਾ ਪਾਪ ਲਈ ਹੈ।

17ਜਿਹੜਾ ਸਿੱਖਿਆ ਨੂੰ ਮੰਨਦਾ ਹੈ ਉਹ ਤਾਂ ਜੀਵਨ ਦੇ ਰਾਹ ਉੱਤੇ ਹੈ, ਪਰ ਜਿਹੜਾ ਤਾੜਨਾ ਨੂੰ ਰੱਦ ਕਰਦਾ ਹੈ ਉਹ ਰਾਹ ਤੋਂ ਭੁੱਲਿਆ ਹੋਇਆ ਹੈ।

18ਜਿਹੜਾ ਵੈਰ ਨੂੰ ਲੁਕੋ ਰੱਖਦਾ ਹੈ ਉਹ ਝੂਠਾ, ਅਤੇ ਜਿਹੜਾ ਨਿੰਦਿਆ ਕਰਦਾ ਹੈ ਉਹ ਮੂਰਖ ਹੈ।

19ਜਿੱਥੇ ਬਹੁਤੀਆਂ ਗੱਲਾਂ ਹੁੰਦੀਆਂ ਹਨ, ਉੱਥੇ ਅਪਰਾਧ ਵੀ ਹੁੰਦਾ ਹੈ, ਪਰ ਜੋ ਆਪਣੇ ਮੂੰਹ ਨੂੰ ਰੋਕ ਰੱਖਦਾ ਹੈ ਉਹ ਬੁੱਧਵਾਨ ਹੈ।

20ਧਰਮੀ ਦੇ ਬੋਲ ਖਰੀ ਚਾਂਦੀ ਹਨ, ਪਰ ਦੁਸ਼ਟ ਦਾ ਮਨ ਤੁੱਛ ਹੈ।

21ਧਰਮੀ ਦੇ ਬੋਲ ਬਹੁਤਿਆਂ ਨੂੰ ਰਜਾਉਂਦੇ ਹਨ, ਪਰ ਮੂਰਖ ਬੇਸਮਝੀ ਦੇ ਕਾਰਨ ਮਰਦੇ ਹਨ।

22ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਦੁੱਖ ਨਹੀਂ ਮਿਲਾਉਂਦਾ।

23ਮੂਰਖ ਲਈ ਤਾਂ ਪਾਪ ਕਰਨਾ ਹਾਸੇ ਦੀ ਗੱਲ ਹੈ, ਪਰ ਸਮਝ ਵਾਲੇ ਮਨੁੱਖ ਵਿੱਚ ਬੁੱਧ ਪਾਈ ਜਾਂਦੀ ਹੈ।

24ਦੁਸ਼ਟ ਜਿਸ ਬਿਪਤਾ ਤੋਂ ਡਰਦਾ ਹੈ, ਉਹੋ ਉਸ ਉੱਤੇ ਆਣ ਪਵੇਗੀ, ਪਰ ਧਰਮੀ ਦੀ ਇੱਛਿਆ ਪੂਰੀ ਕੀਤੀ ਜਾਵੇਗੀ।

25ਦੁਸ਼ਟ ਵਾਵਰੋਲੇ ਵਾਂਗੂੰ ਲੰਘ ਜਾਂਦਾ ਹੈ, ਪਰ ਧਰਮੀ ਦੀ ਨੀਂਹ ਅਟੱਲ ਹੈ।

26ਜਿਵੇਂ ਦੰਦਾਂ ਲਈ ਸਿਰਕਾ ਅਤੇ ਅੱਖਾਂ ਲਈ ਧੂੰਆਂ ਹੈ, ਉਸੇ ਤਰ੍ਹਾਂ ਹੀ ਆਲਸੀ ਆਪਣੇ ਭੇਜਣ ਵਾਲਿਆਂ ਲਈ ਹੈ।

27ਯਹੋਵਾਹ ਦਾ ਭੈਅ ਉਮਰ ਵਧਾਉਂਦਾ ਹੈ, ਪਰ ਦੁਸ਼ਟਾਂ ਦੀ ਉਮਰ ਥੋੜ੍ਹੀ ਹੋਵੇਗੀ।

28ਧਰਮੀ ਦੀ ਆਸ ਉਸ ਦਾ ਅਨੰਦ ਹੈ, ਪਰ ਦੁਸ਼ਟ ਦੀ ਆਸ ਮਿਟ ਜਾਵੇਗੀ।

29ਯਹੋਵਾਹ ਦਾ ਰਾਹ ਖ਼ਰਿਆਂ ਲਈ ਪੱਕਾ ਗੜ੍ਹ ਹੈ, ਪਰ ਕੁਕਰਮੀਆਂ ਲਈ ਵਿਨਾਸ਼ ਹੈ।

30ਧਰਮੀ ਤਾਂ ਸਦਾ ਅਟੱਲ ਰਹਿਣਗੇ, ਪਰ ਦੁਸ਼ਟ ਧਰਤੀ ਉੱਤੇ ਨਾ ਵੱਸਣਗੇ।

31ਧਰਮੀ ਦਾ ਮੂੰਹ ਬੁੱਧ ਦਾ ਫਲ ਦਿੰਦਾ ਹੈ, ਪਰ ਟੇਢੀ ਜੀਭ ਵੱਢੀ ਜਾਵੇਗੀ।

32ਧਰਮੀ ਦੇ ਬੁੱਲ ਮਨ ਭਾਉਂਦੀ ਗੱਲ ਜਾਣਦੇ ਹਨ, ਪਰ ਦੁਸ਼ਟ ਦਾ ਮੂੰਹ ਪੁੱਠੀਆਂ ਗੱਲਾਂ ਬੋਲਦਾ ਹੈ।

cle>