ਯਸਾਯਾਹ 15:1-8 IRVPun - Bible AI

1ਮੋਆਬ ਦੇ ਵਿਖੇ ਅਗੰਮ ਵਾਕ l ਮੋਆਬ ਦਾ ਆਰ ਨਗਰ ਇੱਕ ਹੀ ਰਾਤ ਵਿੱਚ ਬਰਬਾਦ ਅਤੇ ਵਿਰਾਨ ਕੀਤਾ ਗਿਆ, ਮੋਆਬ ਦਾ ਕੀਰ ਨਗਰ ਵੀ ਇੱਕ ਹੀ ਰਾਤ ਵਿੱਚ ਬਰਬਾਦ ਅਤੇ ਵਿਰਾਨ ਕੀਤਾ ਗਿਆ।

2ਦੀਬੋਨ ਆਪਣੇ ਮੰਦਰ ਨੂੰ ਅਤੇ ਉਸ ਦੀਆਂ ਉੱਚਿਆਈਆਂ ਉੱਤੇ, ਰੋਣ ਲਈ ਉਤਾਹਾਂ ਗਿਆ, ਨਬੋ ਅਤੇ ਮੇਦਬਾ ਉੱਤੇ ਮੋਆਬ ਧਾਹਾਂ ਮਾਰਦਾ ਹੈ। ਉਹਨਾਂ ਵਿੱਚ ਹਰੇਕ ਦਾ ਸਿਰ ਰੋਡਾ ਹੈ, ਅਤੇ ਹਰੇਕ ਦੀ ਦਾੜ੍ਹੀ ਮੁੰਨੀ ਹੋਈ ਹੈ।

3ਰਾਹਾਂ ਵਿੱਚ ਉਹ ਤੱਪੜ ਪਹਿਨਦੇ ਹਨ, ਕੋਠਿਆਂ ਉੱਤੇ ਅਤੇ ਚੌਕਾਂ ਵਿੱਚ ਹਰੇਕ ਰੋ-ਰੋ ਕੇ ਧਾਹਾਂ ਮਾਰਦਾ ਹੈ।

4ਹਸ਼ਬੋਨ ਅਤੇ ਅਲਾਲੇਹ ਨਗਰ ਚਿੱਲਾਉਂਦੇ ਹਨ, ਯਹਸ ਨਗਰ ਤੱਕ ਉਨ੍ਹਾਂ ਦੀ ਅਵਾਜ਼ ਸੁਣਾਈ ਦਿੰਦੀ ਹੈ। ਇਸ ਲਈ ਮੋਆਬ ਦੇ ਸ਼ਸਤਰ ਧਾਰੀ ਚੀਕ-ਚਿਹਾੜਾ ਪਾਉਂਦੇ ਹਨ, ਉਹ ਦਾ ਜੀ ਉਹ ਦੇ ਵਿੱਚ ਕੰਬ ਜਾਂਦਾ ਹੈ।

5ਮੇਰਾ ਦਿਲ ਮੋਆਬ ਲਈ ਦੁਹਾਈ ਦਿੰਦਾ ਹੈ, ਉਹ ਦੇ ਭਗੌੜੇ ਸੋਆਰ ਤੱਕ ਅਤੇ ਅਗਲਥ-ਸ਼ਲੀਸ਼ੀਯਾਹ ਤੱਕ ਭੱਜੇ ਜਾਂਦੇ ਹਨ, ਉਹ ਤਾਂ ਲੂਹੀਥ ਸਥਾਨ ਦੀ ਚੜ੍ਹਾਈ ਉੱਤੇ ਰੋਂਦੇ ਜਾਂਦੇ ਹਨ, ਉਹ ਤਾਂ ਹੋਰੋਨਇਮ ਸ਼ਹਿਰ ਦੇ ਰਾਹ ਉੱਤੇ, ਨਸ਼ਟ ਹੋਣ ਦੇ ਕਾਰਨ ਵਿਰਲਾਪ ਕਰਦੇ ਹਨ।

6ਨਿਮਰੀਮ ਵਾਦੀ ਦੇ ਪਾਣੀ ਤਾਂ ਸੁੱਕ ਗਏ, ਘਾਹ ਮੁਰਝਾ ਗਿਆ, ਹਰਾ ਘਾਹ ਮੁੱਕ ਗਿਆ ਅਤੇ ਹਰਿਆਈ ਹੈ ਹੀ ਨਹੀਂ।

7ਇਸ ਲਈ ਜੋ ਵੀ ਮਾਲ-ਧਨ ਉਨ੍ਹਾਂ ਨੇ ਕਮਾਇਆ ਅਤੇ ਜੋ ਕੁਝ ਜੋੜ-ਜੋੜ ਕੇ ਇਕੱਠਾ ਕੀਤਾ, ਉਸ ਨੂੰ ਬੈਂਤਾਂ ਦੇ ਨਾਲੇ ਦੇ ਪਾਰ ਚੁੱਕ ਕੇ ਲੈ ਜਾਣਗੇ।

8ਚਿੱਲਾਉਣਾ ਤਾਂ ਮੋਆਬ ਦੀਆਂ ਹੱਦਾਂ ਤੱਕ ਗੂੰਜ ਉੱਠਿਆ ਹੈ, ਉਹ ਦੀਆਂ ਧਾਹਾਂ ਅਗਲਇਮ ਤੱਕ ਅਤੇ ਉਹ ਦਾ ਵਿਰਲਾਪ ਬਏਰ-ਏਲੀਮ ਤੱਕ ਪਹੁੰਚਦਾ ਹੈ।

e>