ਯੂਹੰਨਾ ਦੇ ਪਰਕਾਸ਼ ਦੀ ਪੋਥੀ 8:1-12 IRVPun - Bible AI

1ਜਦੋਂ ਉਹ ਨੇ ਸੱਤਵੀਂ ਮੋਹਰ ਤੋੜੀ ਤਾਂ ਸਵਰਗ ਵਿੱਚ ਅੱਧੇ ਕੁ ਘੰਟੇ ਤੱਕ ਖਮੋਸ਼ੀ ਛਾ ਗਈ।

2ਅਤੇ ਮੈਂ ਉਹਨਾਂ ਸੱਤਾਂ ਦੂਤਾਂ ਨੂੰ ਵੇਖਿਆ ਜਿਹੜੇ ਪਰਮੇਸ਼ੁਰ ਦੇ ਹਜ਼ੂਰ ਖੜ੍ਹੇ ਰਹਿੰਦੇ ਹਨ, ਅਤੇ ਉਹਨਾਂ ਨੂੰ ਸੱਤ ਤੁਰ੍ਹੀਆਂ ਫੜਾਈਆਂ ਗਈਆਂ।

3ਫੇਰ ਇੱਕ ਹੋਰ ਦੂਤ ਆਇਆ ਅਤੇ ਸੋਨੇ ਦੀ ਧੂਪਦਾਨੀ ਲੈ ਕੇ ਜਗਵੇਦੀ ਉੱਤੇ ਜਾ ਖੜ੍ਹਾ ਹੋਇਆ, ਅਤੇ ਬਹੁਤ ਸਾਰੀ ਧੂਪ ਉਹ ਨੂੰ ਦਿੱਤੀ ਗਈ ਕਿ ਉਹ ਉਸ ਨੂੰ ਸਭਨਾਂ ਸੰਤਾਂ ਦੀਆਂ ਪ੍ਰਾਰਥਨਾਵਾਂ ਦੇ ਨਾਲ-ਨਾਲ ਉਸ ਸੋਨੇ ਦੀ ਜਗਵੇਦੀ ਉੱਤੇ ਧੁਖਾਉਂਦਾ ਰਹੇ, ਜਿਹੜੀ ਸਿੰਘਾਸਣ ਦੇ ਅੱਗੇ ਹੈ।

4ਅਤੇ ਧੂਪ ਦਾ ਧੂੰਆਂ ਸੰਤਾਂ ਦੀਆਂ ਪ੍ਰਾਰਥਨਾਵਾਂ ਨਾਲ ਉਸ ਦੂਤ ਦੇ ਹੱਥੋਂ ਪਰਮੇਸ਼ੁਰ ਦੇ ਹਜ਼ੂਰ ਪਹੁੰਚ ਗਿਆ।

5ਤਾਂ ਦੂਤ ਨੇ ਧੂਪਦਾਨੀ ਲਈ ਅਤੇ ਜਗਵੇਦੀ ਦੀ ਕੁਝ ਅੱਗ ਉਸ ਵਿੱਚ ਭਰ ਕੇ ਧਰਤੀ ਉੱਤੇ ਸੁੱਟ ਦਿੱਤੀ ਤਦ ਬੱਦਲ ਦੀਆਂ ਗਰਜਾਂ ਅਤੇ ਅਵਾਜ਼ਾਂ ਅਤੇ ਬਿਜਲੀ ਦੀਆਂ ਲਿਸ਼ਕਾਂ ਹੋਈਆਂ ਅਤੇ ਭੂਚਾਲ ਆਇਆ!

6ਫੇਰ ਉਹਨਾਂ ਸੱਤਾਂ ਦੂਤਾਂ ਨੇ ਜਿਨ੍ਹਾਂ ਕੋਲ ਸੱਤ ਤੁਰ੍ਹੀਆਂ ਸਨ, ਆਪਣੇ ਆਪ ਨੂੰ ਤੁਰ੍ਹੀਆਂ ਵਜਾਉਣ ਲਈ ਤਿਆਰ ਕੀਤਾ।

7ਪਹਿਲੇ ਦੂਤ ਨੇ ਤੁਰ੍ਹੀ ਵਜਾਈ ਤਾਂ ਲਹੂ ਨਾਲ ਮਿਲੇ ਹੋਏ ਗੜੇ ਅਤੇ ਅੱਗ ਪਰਗਟ ਹੋਈ ਜੋ ਧਰਤੀ ਉੱਤੇ ਸੁੱਟੀ ਗਈ, ਤਦ ਧਰਤੀ ਦੀ ਇੱਕ ਤਿਹਾਈ ਅਤੇ ਰੁੱਖਾਂ ਦੀ ਇੱਕ ਤਿਹਾਈ ਸੜ ਗਈ ਅਤੇ ਸਭ ਹਰਾ ਘਾਹ ਸੜ ਗਿਆ।

8ਫੇਰ ਦੂਜੇ ਦੂਤ ਨੇ ਤੁਰ੍ਹੀ ਵਜਾਈ ਤਦ ਇੱਕ ਵੱਡਾ ਪਹਾੜ ਜਿਹਾ ਅੱਗ ਨਾਲ ਬਲਦਾ ਹੋਇਆ ਸਮੁੰਦਰ ਵਿੱਚ ਸੁੱਟਿਆ ਗਿਆ ਅਤੇ ਸਮੁੰਦਰ ਦਾ ਇੱਕ ਤਿਹਾਈ ਲਹੂ ਬਣ ਗਿਆ।

9ਅਤੇ ਸਮੁੰਦਰ ਦੇ ਜਲ ਜੰਤੂਆਂ ਦਾ ਇੱਕ ਤਿਹਾਈ ਮਰ ਗਿਆ ਅਤੇ ਜਹਾਜ਼ਾਂ ਦਾ ਇੱਕ ਤਿਹਾਈ ਨਸ਼ਟ ਹੋ ਗਿਆ।

10ਫੇਰ ਤੀਜੇ ਦੂਤ ਨੇ ਤੁਰ੍ਹੀ ਵਜਾਈ ਤਾਂ ਇੱਕ ਵੱਡਾ ਤਾਰਾ ਮਸ਼ਾਲ ਵਾਗੂੰ ਬਲਦਾ ਹੋਇਆ ਅਕਾਸ਼ੋਂ ਟੁੱਟਿਆ ਅਤੇ ਨਦੀਆਂ ਦੀ ਇੱਕ ਤਿਹਾਈ ਉੱਤੇ ਅਤੇ ਪਾਣੀਆਂ ਦੇ ਸੋਤਿਆਂ ਉੱਤੇ ਜਾ ਪਿਆ।

11ਉਸ ਤਾਰੇ ਦਾ ਨਾਮ ਨਾਗਦੌਣਾ ਕਰਕੇ ਕਿਹਾ ਜਾਂਦਾ ਹੈ ਅਤੇ ਪਾਣੀਆਂ ਦੀ ਇੱਕ ਤਿਹਾਈ ਨਾਗਦੌਣੇ ਜਿਹੀ ਹੋ ਗਈ ਅਤੇ ਉਹਨਾਂ ਪਾਣੀਆਂ ਦੇ ਕੌੜੇ ਹੋ ਜਾਣ ਕਾਰਨ ਬਹੁਤੇ ਮਨੁੱਖ ਮਰ ਗਏ।

12ਫੇਰ ਚੌਥੇ ਦੂਤ ਨੇ ਤੁਰ੍ਹੀ ਵਜਾਈ ਤਾਂ ਸੂਰਜ, ਚੰਦਰਮਾ ਅਤੇ ਤਾਰਿਆਂ ਦਾ ਇੱਕ ਤਿਹਾਈ ਮਾਰਿਆ ਗਿਆ ਤਾਂ ਕਿ ਉਹਨਾਂ ਦੀ ਇੱਕ ਤਿਹਾਈ ਹਨ੍ਹੇਰਾ ਹੋ ਜਾਵੇ ਅਤੇ ਦਿਨ ਦੀ ਇੱਕ ਤਿਹਾਈ ਚਾਨਣ ਨਾ ਹੋਵੇ ਅਤੇ ਇਸੇ ਪ੍ਰਕਾਰ ਰਾਤ ਦੀ ਵੀ।